Monday, 15 March 2021

ਸਰਕਾਰੀ ਸਕੂਲਾਂ ਦੀਆਂ ਸਲਾਨਾ ਪ੍ਰੀਖਿਆਵਾਂ ਹੋਈਆਂ ਸ਼ੁਰੂ

ਸਰਕਾਰੀ ਸਕੂਲਾਂ ਦੀਆਂ ਸਲਾਨਾ ਪ੍ਰੀਖਿਆਵਾਂ ਹੋਈਆਂ ਸ਼ੁਰੂ 

ਕੋਵਿਡ-19 ਸਬੰਧੀ ਸੁਰੱਖਿਆ ਨਿਯਮਾਂ ਦੀ ਕੀਤੀ ਗਈ ਪਾਲਣਾ

ਹੁਸ਼ਿਆਰਪੁਰ, 15 ਮਾਰਚ(  )-

ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਨਾਨ ਬੋਰਡ ਜਮਾਤਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੀਆਂ ਘਰੇਲੂ ਪ੍ਰੀਖਿਆਵਾਂ ਕੋਵਿਡ-19 ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਦੇ ਪਾਲਣ ਨਾਲ ਸ਼ੁਰੂ ਹੋ ਗਈਆਂ ਹਨ। ਪ੍ਰੀਖਿਆਵਾਂ ਦੇ ਪਹਿਲੇ ਦਿਨ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਸਕ ਪਹਿਨ ਕੇ ਸਕੂਲਾਂ ਵਿੱਚ ਪਹੁੰਚੇ ਅਤੇ ਪ੍ਰੀਖਿਆ ਦਿੱਤੀ।

ਸਰਕਾਰੀ ਸਕੂਲ ਦੇ ਵਿਦਿਆਰਥੀ ਕੋਵਿਡ-19 ਹਦਾਇਤਾਂ ਅਨੁਸਾਰ ਪ੍ਰੀਖਿਆ ਦਿੰਦੇ ਹੋਏ। 

ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਸੂਬੇ 'ਚ ਕੋਰੋਨਾ ਕੇਸਾਂ 'ਚ ਮੁੜ ਤੋਂ ਇਜ਼ਾਫਾ ਹੋਣ ਨਾਲ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਪ੍ਰੀਖਿਆ ਤਿਆਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਵਿਦਿਆਰਥੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਬਚਾਅ ਸਾਵਧਾਨੀਆਂ ਦਾ ਪਾਲਣ ਕਰਦਿਆਂ ਪ੍ਰੀਖਿਆਵਾਂ ਦੇਣ ਲਈ ਸਕੂਲਾਂ ਵਿੱਚ ਆਉਣਗੇ।ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਫੈਸਲੇ ਅਨੁਸਾਰ ਅੱਜ ਸ਼ੁਰੂ ਹੋਈਆਂ ਨਾਨ ਬੋਰਡ ਜਮਾਤਾਂ ਦੀਆਂ ਘਰੇਲੂ ਪ੍ਰੀਖਿਆਵਾਂ ਦੇ ਪਹਿਲੇ ਦਿਨ ਸਵੇਰ ਦੇ ਸੈਸ਼ਨ ਦੌਰਾਨ ਸਮੂਹ ਮਿਡਲ ਅਤੇ ਹਾਈ ਸਕੂਲਾਂ ਵਿੱਚ ਛੇਵੀਂ ਜਮਾਤ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਈ ਜਦਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱੱਚ ਛੇਵੀਂ ਜਮਾਤ ਦੀ ਗਣਿਤ ਅਤੇ ਗਿਆਰਵੀਂ ਜਮਾਤ ਦੀ ਜਨਰਲ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ।ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ਦੌਰਾਨ ਸਮੂਹ ਮਿਡਲ ਸਕੂਲਾਂ ਵਿੱਚ ਸੱਤਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਈ ਜਦਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੱਤਵੀਂ ਜਮਾਤ ਦੀ ਵਿਗਿਆਨ ਅਤੇ ਨੌਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ।

ਇਸ ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਸਰਕਾਰੀ ਹਾਈ ਸਕੂਲ ਘੋਗਰਾ, ਸਰਕਾਰੀ ਮਿਡਲ ਸਕੂਲ ਹਲੇੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ, ਸਰਕਾਰੀ ਹਾਈ ਸਕੂਲ ਬਾੜੀ, ਸਰਕਾਰੀ ਹਾਈ ਸਕੂਲ ਬਹਿ ਲੱਖਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ, ਸਰਕਾਰੀ ਮਿਡਲ ਸਕੂਲ ਰੌਲੀ, ਸਰਕਾਰੀ ਮਿਡਲ ਸਕੂਲ ਨਗਰ, ਸਰਕਾਰੀ ਮਿਡਲ ਸਕੂਲ ਧਾਰ, ਸਰਕਾਰੀ ਹਾਈ ਸਕੂਲ ਅਮਰੋਹ, ਸਰਕਾਰੀ ਹਾਈ ਸਕੂਲ ਸਵਾਰ ਆਦਿ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਅੱਜ ਪ੍ਰੀਖਿਆਵਾਂ ਲਈ ਸਕੂਲ ਆਉਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਿੱਥੇ ਮਾਸਕ ਪਹਿਨ ਕੇ ਸਕੂਲ ਆਉਣ, ਪੇਪਰ ਕਰਨ ਲਈ ਲੋੜੀਂਦੀ ਸਮੱਗਰੀ ਆਪੋ ਆਪਣੀ ਲਿਆਉਣ ਆਦਿ ਹਦਾਇਤਾਂ ਦੀ ਵਟਸਐਪ ਗਰੁੱਪਾਂ ਰਾਹੀਂ ਅਗਾਊਂ ਜਾਣਕਾਰੀ ਦਿੱਤੀ ਗਈ ਉੱਥੇ ਹੀ ਸਕੂਲਾਂ ਵਿੱਚ ਸੈਨੇਟਾਈਜ਼ਰ ਅਤੇ ਮਾਸਕ ਉਪਲਬਧ ਕਰਵਾਏ ਗਏ।ਵਿਦਿਆਰਥੀਆਂ ਨੂੰ ਆਪਣੀ ਪਾਣੀ ਦੀ ਬੋਤਲ,ਜੁਮੈਟਰੀ, ਪੈੱਨ ਅਤੇ ਪੈਨਸਿਲ ਆਦਿ ਦੂਜੇ ਵਿਦਿਆਰਥੀਆਂ ਨਾਲ ਸਾਂਝਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਮੁਖੀਆਂ ਨੇ ਦੱਸਿਆ ਕਿ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਇੱਕ ਡੈਸਕ 'ਤੇ ਸਿਰਫ਼ ਇੱਕ ਵਿਦਿਆਰਥੀ ਹੀ ਬਿਠਾਇਆ ਗਿਆ।

ਇਸ ਮੌਕੇ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਸਿੱਖਿਆ ਸੁਧਾਰ ਟੀਮ ਹੁਸ਼ਿਆਰਪੁਰ ਨੇ ਦੱਸਿਆ ਕਿ ਸਿਹਤ ਸੁਰੱਖਿਆ ਨੂੰ ਇਨ੍ਹਾਂ ਪ੍ਰੀਖਿਆਵਾਂ ਮੌਕੇ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਅਤੇ ਇਸ ਸਦਕਾ ਅੱਜ ਇਨ੍ਹਾਂ ਪ੍ਰੀਖਿਆਵਾਂ ਦੇ ਆਗਾਜ਼ ਤੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੋਵਿਡ ਪ੍ਰੋਟੋਕਾਲ ਦਾ ਪੂਰੀ ਤਰਾਂ ਪਾਲਣ ਕੀਤਾ ਗਿਆ।  

No comments:

Post a Comment

  ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ " ਵਿਸ਼ੇਸ ਸਮਰ ਗਤੀਵਿਧੀਆਂ" ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੋਵੇਗਾ ਗਣਿਤ ਵਿਸ਼ੇਸ ਆਨਲਾਈਨ ਕੈਂਪ ਹੁਸ਼ਿਆਰਪੁਰ, 26 ਮਈ:...